Full 1
Full 1
Full 2
Full 2
Full 2
Full 2
Full 2
Full 2
previous arrow
next arrow

ਮੇਰਾ ਨਾਮ ਭਾਈ ਕਵਲਜੀਤ ਸਿੰਘ ਨੂਰ ਹੈ।

ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਕਿ ਮੇਰਾ ਜਨਮ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਹੋਇਆ ਮੇਰੀ ਮਾਤਾ ਜੀ ਦਾ ਨਾਮ ਸਰਦਾਰਨੀ ਰਘਬੀਰ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਗਿਆਨ ਸਿੰਘ ਹੈ। ਛੋਟੇ ਹੁੰਦਿਆਂ ਤੋਂ ਹੀ ਮੈਂ ਦੇਖਦਾ ਸੀ ਕਿ ਮੇਰੇ ਮਾਤਾ ਪਿਤਾ ਅੰਮ੍ਰਿਤ ਵੇਲੇ ਹੀ ਉੱਠ ਜਾਇਆ ਕਰਦੇ ਸੀ ਅਤੇ ਨੇਮ ਨਾਲ ਗੁਰਦਵਾਰਾ ਸਾਹਿਬ ਜਾਂਦੇ ਸਨ, ਅਪਣੇ ਨਿਤਨੇਮ ਦੇ ਵੀ ਪੱਕੇ ਸਨ। ਜਦੋਂ ਮੈਂ ਥੋੜ੍ਹਾ ਵੱਡਾ ਹੋਇਆ, ਸਕੂਲੀ ਪੜ੍ਹਾਈ ਸ਼ੁਰੂ ਹੋ ਗਈ ਪਰ ਜਦ ਵੀ ਕੋਈ ਗੁਰਪੁਰਬ ਯਾ ਕੋਈ ਇਤਿਹਾਸਕ ਦਿਹਾੜਾ ਹੋਣਾ ਤਾਂ ਪਿਤਾ ਜੀ ਨੇ ਤੜਕੇ ਉਠਾ ਕੇ ਗੁਰਦਵਾਰਾ ਸਾਹਿਬ ਭੇਜ ਦੇਣਾ ਤੇ ਕਹਿਣਾ ਕਿ ਜਾ ਕੇ ਸੇਵਾ ਕਰੋ ਤੇ ਮੈਂ ਅਤੇ ਮੇਰੇ ਵਡੇ ਵੀਰ ਜੀ ਜਿਨ੍ਹਾਂ ਦਾ ਨਾਮ ਤਰਲੋਚਨ ਸਿੰਘ ਹੈ ਅਸੀਂ ਵੀ ਬੜੇ ਚਾਅ ਨਾਲ ਗੁਰਦਵਾਰਾ ਸਾਹਿਬ ਜਾ ਕੇ ਸੇਵਾ ਕਰਨੀ। ਅਸੀਂ ਕੁਲ ਮਿਲਾ ਕੇ ਪੰਜ ਭੈਣ ਭਰਾ ਹਾਂ, ਤਿੰਨ ਭੈਣਾਂ ਅਤੇ ਦੋ ਭਰਾ, ਭੈਣਾਂ ਸਾਡੇ ਦੋਵਾਂ ਤੋਂ ਵਢੀਆਂ ਹਨ, ਜਿਸ ਕਰਕੇ ਇੱਕਲੇ ਪਿਤਾ ਜੀ ਤੇ ਬਹੁਤ ਵਡੀ ਜਿੰਮੇਵਾਰੀ ਸੀ। ਪਿਤਾ ਜੀ ਸਿਲਾਈ ਦਾ ਕੰਮ ਕਰਦੇ ਸਨ, ਕਰੀਬ 23 ਸਾਲ ਅਸੀਂ ਕਿਰਾਏ ਦੇ ਮਕਾਨ ਵਿੱਚ ਰਹੇ ਫਿਰ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਸਾਨੂੰ ਅਪਣਾ ਘਰ ਨਸੀਬ ਹੋਇਆ। ਮੈਂ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਗੁਰੂ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਂਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਮੈਂਨੂੰ ਗੁਰਬਾਣੀ ਕੀਰਤਨ ਸੁਣਨਾ ਬਹੁਤ ਚੰਗਾ ਲੱਗਦਾ ਸੀ ਇਸ ਲਈ ਹੌਲੀ ਹੌਲੀ ਮੇਰਾ ਰੁਝਾਨ ਗੁਰਬਾਣੀ ਕੀਰਤਨ ਸਿੱਖਣ ਵੱਲ ਹੋਇਆ ਪੜ੍ਹਦੇ ਪੜ੍ਹਦੇ ਹੀ ਮੈਂ ਉਸਤਾਦ ਭਾਈ ਰਜਿੰਦਰ ਸਿੰਘ ਜੀ ਕੋਲੋਂ ਕੀਰਤਨ ਦੀ ਵਿੱਦਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਸਕੂਲੀ ਪੜ੍ਹਾਈ ਤੋਂ ਬਾਅਦ ਮੈਂ ਗੁਰਮਤਿ ਕਾਲਜ ਮੋਗਾ ਤੋਂ ਵਿਦਿਆ ਹਾਸਿਲ ਕੀਤੀ, ਸਿੱਖ ਮਿਸ਼ਨਰੀ ਕੋਰਸ ਕੀਤਾ, ਸਨ 1995 ਵਿੱਚ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਅਪਣੇ ਕੀਰਤਨੀ ਜੱਥੇ ਨਾਲ ਕੀਰਤਨ ਦੀ ਸੇਵਾ ਕਰਨੀ ਸ਼ੁਰੂ ਕੀਤੀ, ਇਸ ਦੋਰਾਨ ਹੀ ਮੇਰੀ ਮੁਲਾਕਾਤ ਮਹਾਂਪੁਰਖ ਸੰਤ ਬਾਬਾ ਹਰਚਰਨ ਸਿੰਘ ਜੀ ਰਾਮਦਾਸਪੁਰ ਵਾਲੀਆਂ ਨਾਲ ਹੋਈ ਅਤੇ ਉਹਨਾਂ ਵੱਲੋਂ ਚਲਾਈ ਜਾ ਰਹੀ ਕੀਰਤਨ ਦਰਬਾਰਾਂ ਦੀ ਲੜੀ ਦਾ ਹਿੱਸਾ ਬਨਣ ਦਾ ਸੁਭਾਗ ਪ੍ਰਾਪਤ ਹੋਇਆ, ਸਨ 1998 ਵਿੱਚ ਸ਼ਬਦਾਂ ਦੀ ਮੇਰੀ ਪਹਲੀ ਕੈਸੇਟ ‘ਤੇਰੀ ਪਿਆਸ ਨ ਜਾਇ’ ਰੀਲੀਜ਼ ਹੋਈ ਜੋ ਸੰਤ ਬਾਬਾ ਹਰਚਰਨ ਸਿੰਘ ਜੀ ਖ਼ਾਲਸਾ ਜੀ ਦੇ ਨੇ ਅਪਣੇ ਕਰਕਮਲਾਂ ਨਾਲ ਰੀਲੀਜ਼ ਕੀਤੀ। ਕੀਰਤਨ ਦੀ ਸੇਵਾ ਕਰਦਿਆਂ ਕਰਦਿਆਂ ਸਮਾਂ ਬੀਤਿਆ ਅਤੇ ਫਿਰ ਮੇਰੇ ਜੀਵਨ ਦਾ ਉਹ ਸੁਭਾਗਾ ਦਿਨ 2004 ਵਿੱਚ ਆਇਆ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਰਪਾ ਕਰਕੇ ਅਪਣੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹਲੀ ਵਾਰ ਕੀਰਤਨ ਦੀ ਸੇਵਾ ਲਈ। ਫਿਰ 2004 ਹੀ ਪਹਲੀ ਵਾਰ ਕੀਰਤਨ ਦੀ ਸੇਵਾ ਲਈ ਵਿਦੇਸ਼ (ਨਿਊਜ਼ੀਲੈਂਡ) ਜਾਣ ਦਾ ਮੌਕਾ ਮਿਲਿਆ, ਹੁਣ ਤੱਕ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਅਫਰੀਕਾ ਵਰਗੇ ਮੁਲਕਾਂ ਵਿੱਚ ਕੀਰਤਨ ਦੀ ਸੇਵਾ ਲਈ ਜਾ ਚੁੱਕੇ ਹਾਂ। ਦਾਸ ਦੇ ਕੀਰਤਨੀ ਜੱਥੇ ਵਿੱਚ ਤਬਲੇ ਤੇ ਭਾਈ ਆਸ਼ੂ ਪ੍ਰੀਤ ਸਿੰਘ ਜੀ ਅਤੇ ਸਹਾਇਕ ਰਾਗੀ ਵਜੋਂ ਭਾਈ ਅਮਰੀਕ ਸਿੰਘ ਜੀ ਸੇਵਾ ਨਿਭਾ ਰਹੇ ਹਨ। ਵਾਹਿਗੁਰੂ ਜੀ ਪਾਸ ਬਾਰੰ ਬਾਰ ਇਹੀ ਅਰਦਾਸ ਹੈ ਕਿ ਗੁਰੂ ਸਾਹਿਬ ਰਹਿੰਦੇ ਸਵਾਸਾਂ ਤੱਕ ਕੀਰਤਨ ਦੀ ਸੇਵਾ ਲੈਂਦੇ ਰਹਿਨ।